ਪੱਗ ਦਾ ਮਤਲਬ ਅਤਿਵਾਦ ਨਹੀਂ ਸ਼ਰਧਾ ਹੁੰਦਾ ਹੈ : ਨਿਊਯਾਰਕ ਦੇ ਮੇਅਰ ਐਡਮੰਸ

ਨਿਊਯਾਰਕ, 30 ਅਕਤੂਬਰ | ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਸਿੱਖਾਂ ਦੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਸਿੱਖਾਂ ਵਿਰੁਧ ਵਧ ਰਹੇ ਨਫ਼ਰਤੀ ਅਪਰਾਧਾਂ ਦੀ ਸਖ਼ਤ ਨਿੰਦਾ ਕੀਤਾ। ਉਨ੍ਹਾਂ ਅਜਿਹੀ ਹਿੰਸਾ ਕਰਨ ਵਾਲੇ ਅਮਰੀਕੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਦਸਤਾਰ ਦਾ ਮਤਲਬ ਅਤਿਵਾਦ ਨਹੀਂ ਹੈ ਸਗੋਂ ਇਹ ਸ਼ਰਧਾ ਦਾ ਪ੍ਰਤੀਕ ਹੈ। ਸਾਊਥ ਰਿਚਮੰਡ ਹਿੱਲ ਦੇ ਕੁਈਨਜ਼ ਇਲਾਕੇ ਵਿਚ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ’ਚ ਬੋਲਦਿਆਂ ਐਡਮਜ਼ ਨੇ ਸਿੱਖਾਂ ਵਿਰੁਧ ਹਾਲ ਹੀ ’ਚ ਹੋਏ ਹਮਲਿਆਂ ਨੂੰ ਸੰਯੁਕਤ ਰਾਜ ਅਮਰੀਕਾ ’ਤੇ ਇਕ ‘ਦਾਗ’ ਦਸਿਆ।

ਰਿਚਮੰਡ ਹਿੱਲ ਵਿਖੇ ਸਿੱਖਾਂ ਨੂੰ ਸੰਬੋਧਨ ਕਰਦਿਆਂ ਨਿਊਯਾਰਕ ਦੇ ਮੇਅਰ ਨੇ ਸਿੱਖਾਂ ਨੂੰ ਹੋਰਾਂ ਨੂੰ ਵੀ ਸਿੱਖ ਧਰਮ ਬਾਰੇ ਜਾਗਰੂਕ ਕਰਨ ਦਾ ਸੱਦਾ ਦਿੰਦਿਆਂ ਕਿਹਾ, ‘‘ਉਨ੍ਹਾਂ ਨੂੰ ਦੱਸੋ ਕਿ ਸਿੱਖ ਹੋਣ ਦਾ ਮਤਲਬ ਅਤਿਵਾਦ ਨਹੀਂ, ਤੁਸੀਂ ਰਖਵਾਲੇ ਹੋ। ਇਸ ਪੂਰੇ ਸ਼ਹਿਰ ’ਚ ਇਹੀ ਸਿਖਾਉਣ ਦੀ ਲੋੜ ਹੈ। ਸਾਡੇ ਨੌਜੁਆਨਾਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ, ਸਾਡੇ ਬਾਲਗਾਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ।’’

ਸਿੱਖਾਂ ਨੂੰ ਅਪਣੇ ਆਲੇ-ਦੁਆਲੇ ਦੇ ਮੋਹਤਬਰ ਦਸਦਿਆਂ ਐਡਮਜ਼ ਨੇ ਕਿਹਾ, ‘‘ਤੁਹਾਡੀ ਪੱਗ ਦਾ ਮਤਲਬ ਅਤਿਵਾਦ ਨਹੀਂ ਹੈ। ਇਸ ਦਾ ਅਰਥ ਹੈ ਸੁਰੱਖਿਆ, ਇਸ ਦਾ ਅਰਥ ਹੈ ਭਾਈਚਾਰਾ, ਇਸ ਦਾ ਅਰਥ ਹੈ ਪਰਿਵਾਰ, ਇਸ ਦਾ ਅਰਥ ਹੈ ਵਿਸ਼ਵਾਸ, ਇਸ ਦਾ ਅਰਥ ਹੈ ਸ਼ਹਿਰ, ਇਸ ਦਾ ਅਰਥ ਹੈ ਸਾਡਾ ਇਕੱਠੇ ਹੋਣਾ। ਅਸੀਂ ਤੁਹਾਡੇ ਨਾਲ ਸੰਵਾਦ ਅਤੇ ਬਿਰਤਾਂਤ ਨੂੰ ਬਦਲਾਂਗੇ। ਅਸੀਂ ਇਹ ਟੀਚਾ ਇਕੱਠੇ ਹਾਸਲ ਕਰ ਸਕਦੇ ਹਾਂ।’’  ਐਡਮਸ ਅਤੇ ਨਿਊਯਾਰਕ ਸਟੇਟ ਅਸੈਂਬਲੀ ਮੈਂਬਰ ਜੈਨੀਫਰ ਰਾਜਕੁਮਾਰ ਨੇ ਸਿੱਖ ਨਾਲ ਮੁਲਾਕਾਤ ਕੀਤੀ ਅਤੇ ਸੰਬੋਧਨ ਕੀਤਾ।

ਪਹਿਲੀ ਵਾਰੀ ਅਸੀਂ ਸਰਕਾਰੀ ਤੰਤਰ ਦਾ ਪ੍ਰਯੋਗ ਸਿੱਖਾਂ ਵਿਰੁਧ ਹੋਣ ਵਾਲੇ ਨਫ਼ਰਤੀ ਅਪਰਾਧਾਂ ਨੂੰ ਖ਼ਤਮ ਕਰਨ ਲਈ ਕਰਾਂਗੇ : ਨਿਊਯਾਰਕ ਸਟੇਟ ਅਸੈਂਬਲੀ ਮੈਂਬਰ ਜੈਨੀਫਰ ਰਾਜਕੁਮਾਰ 

ਜੈਨੀਫਰ ਨੇ ਸਿੱਖਾਂ ਨੂੰ ਸਮਾਜ ਦੇ ‘ਰਖਵਾਲੇ’ ਦਸਦਿਆਂ ਕਿਹਾ ਕਿ ਸਿੱਖਾਂ ’ਤੇ ਨਫ਼ਰਤੀ ਅਪਰਾਧਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਪਹਿਲੀ ਵਾਰੀ ਅਸੀਂ ਸਰਕਾਰੀ ਤੰਤਰ ਦਾ ਪ੍ਰਯੋਗ ਸਿੱਖਾਂ ਵਿਰੁਧ ਹੋਣ ਵਾਲੇ ਨਫ਼ਰਤੀ ਅਪਰਾਧਾਂ ਨੂੰ ਖ਼ਤਮ ਕਰਨ ਲਈ ਕਰਾਂਗੇ। ਪਹਿਲੀ ਵਾਰੀ ਅਸੀਂ ਇਕੱਠੇ ਹੋ ਕੇ ਨਿਊ ਯਾਰਕ ਸਟੇਟ, ਅਮਰੀਕਾ ਅਤੇ ਪੂਰੀ ਦੁਨੀਆਂ ਨੂੰ ਸਿੱਖਿਅਤ ਕਰਾਂਗੇ ਕਿ ਸਿੱਖ ਕੌਣ ਹਨ ਤਾਕਿ ਸਾਡੇ ’ਤੇ ਹਮਲਾ ਨਾ ਹੋਵੇ ਅਤੇ ਅਸੀਂ ਕਿਸੇ ਗ਼ਲਤਫਹਿਮੀ ਦਾ ਸ਼ਿਕਾਰ ਨਾ ਹੋਈਏ।’’ ਜੈਨੀਫਰ ਨਿਊਯਾਰਕ ਸਟੇਟ ਦਫ਼ਤਰ ਦੀ ਪਹਿਲੀ ਭਾਰਤੀ-ਅਮਰੀਕੀ ਔਰਤ ਮੈਂਬਰ ਹਨ ਜੋ ਖ਼ੁਦ ਦੀ ਪਛਾਣ ‘ਪੰਜਾਬੀ ਦੀ ਧੀ’ ਕਹਿ ਕੇ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਗੁਰਦੁਆਰੇ ਆ ਕੇ ਨਫ਼ਰਤੀ ਹਿੰਸਾ ਬਾਰੇ ਬੋਲ ਚੁੱਕੇ ਹਨ, ‘‘ਪਰ ਮੈਂ ਚਾਹੁੰਦੀ ਹਾਂ ਕਿ ਮੈਂ ਇੱਥੇ ਆ ਕੇ ਆਖ਼ਰੀ ਵਾਰੀ ਨਫ਼ਰਤੀ ਹਿੰਸਾ ਬਾਰੇ ਬੋਲਾਂ। ਅੱਜ ਤੋਂ ਸ਼ੁਰੂ ਹੋ ਕੇ ਅਸੀਂ ਸਿੱਖਾਂ ਵਿਰੁਧ ਨਫ਼ਰਤੀ ਹਿੰਸਾ ਖ਼ਤਮ ਕਰਨ ਜਾ ਰਹੇ ਹਾਂ।’’

ਉਨ੍ਹਾਂ ਨੇ ਮੇਅਰ ਐਡਮਜ਼ ਨੂੰ ‘ਕ੍ਰਿਪਾਨ’ ਵੀ ਭੇਟ ਕੀਤੀ। ‘ਕ੍ਰਿਪਾਨ’ ਪ੍ਰਾਪਤ ਕਰਨ ਤੋਂ ਬਾਅਦ ਐਡਮਜ਼ ਨੇ ਕਿਹਾ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਉਹ ਸਿੱਖਾਂ ਦੇ ਰਖਵਾਲੇ ਹੋਣ ਅਤੇ ‘ਜੇਕਰ ਹੁਣ ਕਿਸੇ ਸਿੱਖ ਨੂੰ ਨੁਕਸਾਨ ਪਹੁੰਚੇਗਾ, ਉਸ ਲਈ ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ।’

ਜ਼ਿਕਰਯੋਗ ਹੈ ਕਿ ਨਿਊਯਾਰਕ ’ਚ ਸਿੱਖਾਂ ’ਤੇ ਪਿੱਛੇ ਜਿਹੇ ਹੋਏ ਨਫ਼ਰਤੀ ਹਮਲਿਆਂ ਕਾਰਨ ਨਿਰਾਸ਼ਾ ਦਾ ਮਾਹੌਲ ਹੈ। 15 ਅਕਤੂਬਰ ਨੂੰ ਇਕ 19 ਸਾਲਾਂ ਦੇ ਸਿੱਖ ਨੌਜੁਆਨ ਰਿਚਮੰਡ ਹਿੱਲ ’ਚ ਇਕ ਬੱਸ ’ਤੇ ਸਵਾਰ ਕ੍ਰਿਸਟੋਫਰ ਫਿਲੀਪੀਅਕਸ ਨਾਮਕ ਵਿਅਕਤੀ ਵਲੋਂ ਕੀਤੇ ਗਏ ਹਮਲੇ ਦਾ ਸ਼ਿਕਾਰ ਹੋ ਗਿਆ ਸੀ।

ਫਿਲੀਪੀਓਕਸ ਨੇ ਕਥਿਤ ਤੌਰ ’ਤੇ ਸਿੱਖ ਨੌਜੁਆਨ ਦੀ ਦੀ ਪੱਗ ਉਤਾਰਨ ਦੀ ਕੋਸ਼ਿਸ਼ ਕੀਤੀ ਸੀ।  ਇਸ ਘਟਨਾ ਦੇ ਜਵਾਬ ’ਚ ਕਵੀਂਸ ਡਿਸਟ੍ਰਿਕਟ ਅਟਾਰਨੀ ਮੇਲਿੰਡਾ ਕਾਟਜ਼ ਨੇ ਐਲਾਨ ਕੀਤਾ ਸੀ ਕਿ ਫਿਲੀਪੀਓਕਸ ਨੂੰ ਇਕ ਨਫ਼ਰਤੀ ਅਪਰਾਧ ਦੇ ਰੂਪ ’ਚ ਹਮਲੇ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ।

ਇਸ ਤੋਂ ਕੁਝ ਦਿਨ ਬਾਅਦ 66 ਸਾਲਾਂ ਦੇ ਜਸਮੇਰ ਸਿੰਘ ’ਤੇ ਉਸ ਸਮੇਂ ਹਮਲਾ ਕੀਤਾ ਗਿਆ ਸੀ, ਜਦੋਂ ਉਸ ਦੀ ਕਾਰ ਇਕ ਹੋਰ ਗੱਡੀ ਨਾਲ ਟਕਰਾ ਗਈ ਸੀ। ਦੂਜੀ ਗੱਡੀ ਦੇ ਚਾਲਕ 30 ਸਾਲਾਂ ਦੇ ਗਿਲਬਰਟ ਆਗਸਟਿਨ ਨੇ ਬਜ਼ੁਰਗ ਸਿੱਖ ’ਤੇ ਹਮਲਾ ਕਰ ਦਿਤਾ ਸੀ, ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ

Previous Post Next Post

نموذج الاتصال