ਸਟਰਾਂਗ ਰੂਮਜ਼ ’ਚ ਸਟੋਰ ਈ.ਵੀ.ਐਮਜ਼ ਤੇ ਵੀ.ਵੀ.ਪੈਟ ਮਸ਼ੀਨਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ : ਡਿਪਟੀ ਕਮਿਸ਼ਨਰ

ਕਿਹਾ 24 ਘੰਟੇ ਨਿਗਰਾਨੀ ਲਈ ਸੀ.ਏ.ਪੀ.ਐਫ., ਪੰਜਾਬ ਪੁਲਿਸ ਅਤੇ ਅਰਧ ਸੈਨਿਕ ਬਲ ਤਾਇਨਾਤ

ਰਿਟਰਨਿੰਗ ਅਫ਼ਸਰਾਂ ਨੂੰ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਲਈ ਨਿਰਧਾਰਿਤ ਸਥਾਨ ‘ਤੇ ਵਾਟਰਪਰੂਫ ਟੈਂਟਾਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼

ਜਲੰਧਰ, 22 ਫਰਵਰੀ 2022 :  ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨੂੰ ਸਟੋਰ ਕਰਨ ਲਈ ਬਣਾਏ ਗਏ ਸਟਰਾਂਗ ਰੂਮਾਂ ਵਿਖੇ ਕੀਤੇ ਸੁਰੱਖਿਆ ਪ੍ਰਬੰਧਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 10 ਮਾਰਚ ਗਿਣਤੀ ਵਾਲੇ ਦਿਨ ਤੱਕ ਇੱਥੇ ਦਫ਼ਤਰ ਡਾਇਰੈਕਟਰ ਲੈਂਡ ਰਿਕਾਰਡਜ਼, ਸਰਕਾਰੀ ਆਰਟ ਐਂਡ ਸਪੋਰਟਸ ਕਾਲਜ, ਮੈਰੀਟੋਰੀਅਸ ਸਕੂਲ ਵਿਖੇ ਸਟੋਰ ਕੀਤੀਆਂ ਈ.ਵੀ.ਐਮਜ਼ ਅਤੇ ਵੀ.ਵੀ.ਪੀ.ਏ.ਟੀ ਮਸ਼ੀਨਾਂ ਦੀ ਸੁਰੱਖਿਆ ਲਈ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਸਟਰਾਂਗ ਰੂਮਜ਼ ਦਾ ਦੌਰਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਚੋਣ ਅਬਜ਼ਰਵਰ ਦੀ ਹਾਜ਼ਰੀ ਵਿੱਚ ਮਸ਼ੀਨਾਂ ਨੂੰ ਇੱਥੇ ਸਟੋਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਟਰਾਂਗ ਰੂਮਜ਼ ਦੀ ਸੀਲਬੰਦੀ ਨੂੰ ਯਕੀਨੀ ਬਣਾਇਆ ਗਿਆ । ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਟਰਾਂਗ ਰੂਮ ਹੁਣ 10 ਮਾਰਚ ਨੂੰ ਵੋਟਾਂ ਦੀ ਗਿਣਤੀ ਲਈ ਉਮੀਦਵਾਰਾਂ ਅਤੇ ਅਬਜ਼ਰਵਰਾਂ ਦੀ ਹਾਜ਼ਰੀ ਵਿੱਚ ਖੋਲ੍ਹੇ ਜਾਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਟਰਾਂਗ ਰੂਮਜ਼ ਵਿੱਚ ਈ.ਵੀ.ਐਮਜ਼ ਅਤੇ ਵੀ.ਵੀ.ਪੈਟ ਮਸ਼ੀਨਾਂ ਦੀ ਸੁਰੱਖਿਆ ਲਈ ਬਹੁ-ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਅਤੇ ਪੰਜਾਬ ਆਰਮਡ ਪੁਲਿਸ ਦੇ ਜਵਾਨਾਂ ਵੱਲੋਂ ਜਿੱਥੇ ਬਾਹਰੀ ਸੁਰੱਖਿਆ ਕਵਰ ਪ੍ਰਦਾਨ ਕੀਤਾ ਗਿਆ ਹੈ, ਉਥੇ ਅੰਦਰੂਨੀ ਸੁਰੱਖਿਆ ਕਵਰ ਸੀ.ਏ.ਪੀ.ਐਫ. ਵੱਲੋਂ ਪ੍ਰਦਾਨ ਕੀਤਾ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਿੰਗ ਮਸ਼ੀਨਾਂ ਦੀ ਨਿਗਰਾਨੀ ਲਈ ਗਿਣਤੀ ਕੇਂਦਰ ਵਾਲੀ ਥਾਂ ‘ਤੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਹਨ। ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕਿਸੇ ਵੀ ਸਮੇਂ ਈ.ਵੀ.ਐਮਜ਼ ਦੀ ਸੁਰੱਖਿਆ ਚੈਕ ਕਰਨ ਲਈ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਲਈ ਇੱਥੇ ਐਲ.ਈ.ਡੀ. ਸਕਰੀਨਾਂ ਵੀ ਲਗਾਈਆਂ ਗਈਆਂ ਹਨ। ਇਸ ਦੌਰਾਨ ਉਨ੍ਹਾਂ ਰਿਟਰਨਿੰਗ ਅਫ਼ਸਰਾਂ ਨੂੰ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਲਈ ਨਿਰਾਧਾਰਿਤ ਜਗ੍ਹਾ ‘ਤੇ ਵਾਟਰਪਰੂਫ ਟੈਂਟਾਂ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਉਨ੍ਹਾਂ ਨੂੰ ਇੱਥੇ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ 10 ਮਾਰਚ ਨੂੰ ਗਿਣਤੀ ਲਈ ਪੁਖ਼ਤਾ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਗਏ ਹਨ।

Previous Post Next Post

نموذج الاتصال